Sher Da Shikar (Story in Punjabi) : Munshi Premchand
ਸ਼ੇਰ ਦਾ ਸ਼ਿਕਾਰ (ਕਹਾਣੀ) : ਮੁਨਸ਼ੀ ਪ੍ਰੇਮਚੰਦ
ਇੱਕ ਪ੍ਰਸਿੱਧ ਸ਼ਿਕਾਰੀ ਨੇ ਇੱਕ ਸ਼ੇਰ ਦੇ ਸ਼ਿਕਾਰ ਦਾ ਹਾਲ ਲਿਖਿਆ। ਅੱਜ ਅਸੀਂ ਉਸ ਦੀ ਕਹਾਣੀ ਉਸ ਦੇ ਸ਼ਬਦਾਂ ਵਿੱਚ ਹੀ ਸੁਣਾਉਂਦੇ ਹਾਂ-
ਕਈ ਸਾਲ ਪਹਿਲਾਂ ਇੱਕ ਦਿਨ ਮੈਂ ਨੈਰੋਬੀ ਦੀ ਇੱਕ ਚੌੜੀ ਗਲੀ ’ਚੋਂ ਲੰਘ ਰਿਹਾ ਸੀ ਕਿ ਇੱਕ ਸ਼ੇਰਨੀ ਉੱਤੇ ਮੇਰੀ ਨਜ਼ਰ ਪਈ, ਜੋ ਆਪਣੇ ਦੋ ਬੱਚਿਆਂ ਸਮੇਤ ਝਾੜੀਆਂ ਵੱਲ ਜਾ ਰਹੀ ਸੀ। ਸ਼ਾਇਦ ਆਪਣੇ ਸ਼ਿਕਾਰ ਦੀ ਤਲਾਸ਼ ਵਿੱਚ ਇਸ ਬਸਤੀ ’ਚ ਆ ਵੜੀ ਹੋਵੇ। ਇਹ ਦੇਖਦੇ ਹੀ ਮੈਂ ਫੁਰਤੀ ਨਾਲ ਘਰ ਪੁੱਜਿਆ ਅਤੇ ਆਪਣੀ ਬੰਦੂਕ ਲੈ ਕੇ ਫਿਰ ਉਸੇ ਥਾਂ ਵੱਲ ਤੁਰ ਪਿਆ, ਰਾਤ ਚਾਨਣੀ ਸੀ। ਮੈਂ ਬੜੀ ਅਸਾਨੀ ਨਾਲ ਸ਼ੇਰਨੀ ਨੂੰ ਮਾਰ ਦਿੱਤਾ ਅਤੇ ਦੋਵਾਂ ਬੱਚਿਆਂ ਨੂੰ ਫੜ ਲਿਆ। ਇਨ੍ਹਾਂ ਬੱਚਿਆਂ ਦੀ ਉਮਰ ਕੋਈ ਜ਼ਿਆਦਾ ਨਹੀਂ ਸੀ, ਸਿਰਫ਼ ਤਿੰਨ ਹਫ਼ਤਿਆਂ ਦੀ ਲੱਗਦੀ ਸੀ। ਇੱਕ ਨਰ ਸੀ, ਦੂਜਾ ਮਾਦਾ। ਮੈਂ ਨਰ ਦਾ ਨਾਂ ਜੈਕ ਅਤੇ ਮਾਦਾ ਦਾ ਨਾਂ ਜਿਲ ਰੱਖ ਲਿਆ। ਜੈਕ ਤਾਂ ਛੇਤੀ ਹੀ ਬਿਮਾਰ ਹੋ ਕੇ ਮਰ ਗਿਆ। ਜਿਲ ਬਚ ਗਈ। ਜਿਲ ਆਪਣਾ ਨਾਂ ਸਮਝਦੀ ਸੀ ਅਤੇ ਮੇਰੀ ਆਵਾਜ਼ ਨੂੰ ਪਛਾਣਦੀ ਸੀ। ਮੈਂ ਜਿੱਥੇ ਵੀ ਜਾਂਦਾ, ਉਹ ਕੁੱਤੇ ਵਾਂਗ ਮੇਰੇ ਪਿੱਛੇ-ਪਿੱਛੇ ਤੁਰਦੀ। ਮੇਰੇ ਕਮਰੇ ਵਿੱਚ ਫਰਸ਼ ’ਤੇ ਪਈ ਰਹਿੰਦੀ। ਅਕਸਰ ਮੇਰੇ ਪੈਰਾਂ ’ਤੇ ਸੌਂ ਜਾਂਦੀ ਅਤੇ ਜਾਗਣ ਤੋਂ ਬਾਅਦ ਆਪਣੇ ਪੰਜੇ ਮੇਰੇ ਗੋਡਿਆਂ ’ਤੇ ਰੱਖ ਕੇ ਬਿੱਲੀ ਵਾਂਗ ਆਪਣਾ ਸਿਰ ਮੋਢਿਆਂ ਨਾਲ ਮਲਦੀ।
ਇੱਕ ਦਿਨ ਮੈਂ ਚਾਨਣੀ ਰਾਤ ਵਿੱਚ ਜਿਲ ਨੂੰ ਨਾਲ ਲੈ ਕੇ ਸੈਰ ’ਤੇ ਨਿਕਲਿਆ। ਅਸੀਂ ਦੋਵੇਂ ਖ਼ੁਸ਼ੀ-ਖ਼ੁਸ਼ੀ ਸੜਕ ’ਤੇ ਤੁਰੇ ਜਾ ਰਹੇ ਸਾਂ। ਮੈਂ ਇਹ ਬਿਲਕੁਲ ਭੁੱਲ ਗਿਆ ਸੀ ਕਿ ਉੱਥੇ ਹੋਟਲ ਵਿੱਚ ਨਾਚ ਹੋਣ ਵਾਲਾ ਹੈ। ਇਹ ਵੀ ਸੰਯੋਗ ਹੀ ਸੀ ਕਿ ਮੈਂ ਤੇ ਜਿਲ ਉਸ ਸਮੇਂ ਹੋਟਲ ਕੋਲ ਪਹੁੰਚੇ ਜਦੋਂ ਕੋਈ ਮਹਿਮਾਨ ਸਵਾਰੀ ਦੀ ਤਲਾਸ਼ ਵਿੱਚ ਬਾਹਰ ਖੜ੍ਹਾ ਸੀ। ਉਸ ਨੇ ਜਦੋਂ ਦੇਖਿਆ ਕਿ ਇੱਕ ਸ਼ੇਰਨੀ ਸੜਕ ਦੇ ਵਿਚਕਾਰ ਉਸ ਵੱਲ ਤੁਰੀ ਆ ਰਹੀ ਹੈ ਤਾਂ ਉਹ ਏਨਾ ਘਬਰਾ ਗਿਆ ਕਿ ਬਿਆਨ ਤੋਂ ਬਾਹਰ ਹੈ ਅਤੇ ਉਹ ਸਾਹਮਣੇ ਵੱਲ ਬੇਤਹਾਸ਼ਾ ਦੌੜਿਆ। ਉਸ ਨੂੰ ਦੌੜਦਾ ਦੇਖ ਹੋਰ ਵੀ ਦੋ-ਤਿੰਨ ਬੰਦੇ ਭੱਜਣ ਲੱਗੇ। ਜਿਲ ਨੇ ਸਮਝਿਆ ਕਿ ਉਹ ਕੋਈ ਖੇਡ ਹੈ, ਉਹ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਦੌੜਨ ਲੱਗੀ। ਹੱਸਦੇ-ਹੱਸਦੇ ਮੇਰੀਆਂ ਵੱਖੀਆਂ ’ਕੱਠੀਆਂ ਹੋ ਗਈਆਂ। ਆਖਰ ਮੈਂ ਵੀ ਜਿਲ ਦੇ ਪਿੱਛੇ ਦੌੜਿਆ ਅਤੇ ਬੜੀ ਮੁਸ਼ਕਲ ਨਾਲ ਜਿਲ ਨੂੰ ਫੜ ਸਕਿਆ। ਭਾਵੇਂ ਉਸ ਨੇ ਕਿਸੇ ਨੂੰ ਵੀ ਫੱਟੜ ਨਹੀਂ ਕੀਤਾ ਸੀ ਪਰ ਫਿਰ ਮੈਂ ਜਿਲ ਨੂੰ ਲੈ ਕੇ ਚਾਨਣੀ ਰਾਤ ਵਿੱਚ ਕਦੇ ਵੀ ਬਾਹਰ ਨਹੀਂ ਨਿਕਲਿਆ।
ਇੱਕ ਦਿਨ ਮੈਂ ਇੱਕ ਥਾਂ ’ਤੇ ਖਾਣੇ ਦੇ ਸੱਦੇ ’ਤੇ ਗਿਆ। ਉੱਥੋਂ ਆਪਣੇ ਘਰ ਨੂੰ ਚੱਲਿਆ ਤਾਂ ਅੱਧੀ ਰਾਤ ਹੋ ਚੁੱਕੀ ਸੀ। ਅੱਧਾ ਰਸਤਾ ਤੈਅ ਕਰ ਚੁੱਕਾ ਸਾਂ ਕਿ ਅਚਾਨਕ ਬੰਦੂਕ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਤਰ੍ਹਾਂ ਜਾਪਿਆ ਜਿਵੇਂ ਕੋਈ ਵਿਅਕਤੀ ਘਬਰਾਹਟ ਵਿੱਚ ਸੂੰ…ਸੂੰ…ਕਰ ਰਿਹਾ ਹੈ। ਜ਼ਰਾ ਅੱਗੇ ਜਾ ਕੇ ਦੇਖਿਆ ਤਾਂ ਸਿਪਾਹੀ ਖੰਭੇ ’ਤੇ ਚੜ੍ਹਿਆ ਬੇਹੋਸ਼ੀ ਦੀ ਹਾਲਤ ਵਿੱਚ ਸ਼ੂ…ਸ਼ੂ ਕਰ ਰਿਹਾ ਸੀ। ਮੈਨੂੰ ਦੇਖ ਕੇ ਉਸ ਨੇ ਕਿਹਾ, ‘‘ਜਨਾਬ, ਜ਼ਰਾ ਬਚ ਕੇ ਰਹੀਂ, ਇੱਕ ਸ਼ੇਰ ਬਿਲਕੁਲ ਕੋਲ ਖੜ੍ਹਾ ਹੈ ਅਤੇ ਘੋੜੇ ਨੂੰ ਖਾ ਰਿਹਾ ਹੈ।’’ ਮੈਂ ਇਧਰ ਉਧਰ ਨਿਗਾਹ ਘੁਮਾਈ ਤਾਂ ਪੰਜਾਹ ਕਦਮ ਦੇ ਫਾਸਲੇ ਉਤੇ ਇੱਕ ਸ਼ੇਰ ਦਿਖਾਈ ਦਿੱਤਾ। ਸੱਚਮੁੱਚ ਉਹ ਇੱਕ ਘੋੜੇ ਨੂੰ ਖਾ ਰਿਹਾ ਸੀ। ਸਿਪਾਹੀ ਦੇ ਰੌਲੇ-ਗੌਲੇ ਦੀ ਉਸ ਨੂੰ ਕੋਈ ਪ੍ਰਵਾਹ ਨਹੀਂ ਸੀ।
ਮੈਂ ਸਿਪਾਹੀ ਨੂੰ ਆਵਾਜ਼ ਦਿੱਤੀ ਕਿ ਉਹ ਜਿੱਥੇ ਹੈ, ਉੱਥੇ ਹੀ ਠਹਿਰੇ ਅਤੇ ਮੈਂ ਇਕੱਲਾ ਹੀ ਇੱਕ ਦੋਸਤ ਕੋਲੋਂ ਬੰਦੂਕ ਲੈਣ ਚਲਾ ਗਿਆ। ਜਦੋਂ ਮੈਂ ਬੰਦੂਕ ਲੈ ਕੇ ਵਾਪਸ ਪਹੁੰਚਿਆ ਤਾਂ ਦੇਖਿਆ ਸ਼ੇਰ ਬੈਠਾ ਬੁੱਲ੍ਹਾਂ ’ਤੇ ਜੀਭ ਫੇਰ ਰਿਹਾ ਸੀ ਅਤੇ ਸਿਪਾਹੀ ਜਿਉਂ ਦੀ ਤਿਉਂ ਖੰਭੇ ਨਾਲ ਚਿੰਬੜਿਆ ਹੋਇਆ ਸੀ। ਮੈਂ ਤੁਰੰਤ ਸ਼ੇਰ ’ਤੇ ਬੰਦੂਕ ਚਲਾਈ। ਉਹ ਜ਼ਖ਼ਮੀ ਤਾਂ ਹੋ ਗਿਆ ਪਰ ਮਰਿਆ ਨਹੀਂ ਸੀ। ਉਹ ਬੜੇ ਜ਼ੋਰ ਦੀ ਗਰਜਿਆ ਅਤੇ ਇੱਕ ਪਾਸੇ ਵੱਲ ਤੁਰ ਪਿਆ ਪਰ ਮੈਂ ਉਸ ਨੂੰ ਕਿੱਥੇ ਛੱਡਣ ਵਾਲਾ ਸੀ, ਮੈਂ ਖ਼ੂਨ ਦੇ ਨਿਸ਼ਾਨ ਦੇਖਦਾ ਹੋਇਆ, ਓਹਦੇ ਪਿੱਛੇ ਤੁਰ ਪਿਆ। ਅਖੀਰ ਮੈਂ ਉਸ ਨੂੰ ਇੱਕ ਖਾੜੀ ਦੇ ਕਿਨਾਰੇ ਖੜ੍ਹਾ ਦੇਖਿਆ। ਐਤਕੀਂ ਮੇਰੀ ਗੋਲੀ ਸਹੀ ਥਾਂ ਲੱਗੀ, ਸ਼ੇਰ ਡਿੱਗ ਪਿਆ। ਮੈਂ ਖ਼ੁਸ਼-ਖ਼ੁਸ਼ ਸ਼ੇਰ ਕੋਲ ਗਿਆ ਅਤੇ ਉਸ ਨੂੰ ਦੇਖਦੇ ਹੀ ਪਛਾਣ ਲਿਆ। ਉਹ ਮੇਰੀ ਸ਼ੇਰਨੀ ਜਿਲ ਸੀ।
(ਅਨੁਵਾਦਕ: ਸਤਪਾਲ ਭੀਖੀ)